ਯੋਸੀਯਾਹ ਯਹੂਦਾਹ ਵਿੱਚ ਰਾਜ ਕਰਦਾ ਹੈ

1. ਯਹੂਦਾਹ ਦਾ ਪਾਤਸ਼ਾਹ ਯੋਸੀਯਾਹ ਯੋਸੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਕੁੱਲ ਅੱਠ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ।

2. ਯੋਸੀਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਦਾ ਵਿਹਾਰ ਉਸ ਦੇ ਪੁਰਖੇ ਦਾਊਦ ਵਰਗਾ ਹੀ ਸੀ, ਅਤੇ ਉਸ ਨੇ ਚੰਗੇ ਕੰਮਾਂ ਕਰਨ ਤੋਂ ਮੂੰਹ ਨਾ ਮੋੜਿਆ।

3. ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ।

4. ਲੋਕਾਂ ਨੇ ਉੱਥੋਂ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ। ਇਹ ਢਾਹ-ਢੁਹਾਈ ਉਨ੍ਹਾਂ ਯੋਸੀਯਾਹ ਦੇ ਸਾਹਮਣੇ ਕੀਤੀ। ਫ਼ੇਰ ਉਸ ਨੇ ਧੂਪ ਦੀਆਂ ਉਹ ਜਗਵੇਦੀਆਂ ਢਾਹ ਦਿੱਤੀਆਂ, ਜੋ ਲੋਕਾਂ ਦੇ ਉੱਪਰ ਉੱਚੀਆਂ ਖਲੋਤੀਆਂ ਸਨ। ਉਸ ਨੇ ਘੜੇ ਹੋਏ ਬੁੱਤਾਂ ਅਤੇ ਢਾਲੇ ਹੋਏ ਬੁੱਤਾਂ ਨੂੰ ਢਾਹ ਦਿੱਤਾ। ਉਸ ਨੇ ਉਨ੍ਹਾਂ ਬੁੱਤਾਂ ਦਾ ਚੂਰਾ ਬਣਾ ਦਿੱਤਾ। ਫ਼ੇਰ ਯੋਸੀਯਾਹ ਨੇ ਉਸ ਚੂਰੇ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਤੇ ਛਿੜਕ ਦਿੱਤਾ ਜਿਨ੍ਹਾਂ ਨੇ ਬਆਲ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ।

5. ਯੋਸੀਯਾਹ ਨੇ ਉਨ੍ਹਾਂ ਜਾਜਕਾਂ ਦੀਆਂ ਹੱਡੀਆਂ ਨੂੰ ਵੀ ਸਾੜ ਦਿੱਤਾ ਜਿਨ੍ਹਾਂ ਨੇ ਆਪਣੀ ਜਗਵੇਦੀ ਉੱਪਰ ਬਆਲ ਦੇਵਤਿਆਂ ਦੀ ਸੇਵਾ ਕੀਤੀ। ਇਉਂ ਯੋਸੀਯਾਹ ਨੇ ਯਹੂਦਾਹ ਅਤੇ ਯਰੂਸਲਮ ਵਿੱਚੋਂ ਮੂਰਤੀ ਉਪਾਸਨਾ ਦਾ ਖਾਤਮਾ ਕੀਤਾ।

6. ਯੋਸੀਯਾਹ ਨੇ ਮਨੱਸ਼ਹ, ਅਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਅਤੇ ਨਫ਼ਤਾਲੀ ਅਤੇ ਉਨ੍ਹਾਂ ਦੇ ਦੁਆਲੇ ਦਿਆਂ ਉਜਾੜਾਂ ਵਿੱਚ ਵੀ ਅਜਿਹਾ ਹੀ ਕੀਤਾ।

7. ਯੋਸੀਯਾਹ ਨੇ ਜਗਵੇਦੀਆਂ ਅਤੇ ਅਸੇਰਾਹ ਦੇ ਥੰਮਾਂ ਨੂੰ ਢਾਹ ਦਿੱਤਾ। ਉਸ ਨੇ ਬੁੱਤਾਂ ਦਾ ਚੂਰਾ ਕਰ ਦਿੱਤਾ। ਉਸ ਨੇ ਇਸਰਾਏਲ ਦੇ ਦੇਸ਼ ਵਿੱਚ ਬਆਲ ਦੀ ਉਪਾਸਨਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਧੂਪ ਦੀਆਂ ਜਗਵੇਦੀਆਂ ਢਾਹ ਦਿੱਤੀਆਂ। ਫ਼ੇਰ ਉਹ ਯਰੂਸ਼ਲਮ ਨੂੰ ਵਾਪਸ ਪਰਤਿਆ।

ਹਿਲਕੀਯਾਹ ਨੇ ਕਾਨੂੰਨ ਦੀ ਕਿਤਾਬ ਲੱਭੀ

8. ਆਪਣੀ ਪਾਤਸ਼ਾਹੀ ਦੇ ਅੱਠਾਰ੍ਹਵੇਂ ਵਰ੍ਹੇ ਜਦੋਂ ਉਹ ਦੇਸ ਅਤੇ ਮੰਦਰ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਲਿਖਾਰੀ ਕੋਲ ਭੇਜਿਆ ਜੋ ਸਾਰੀਆਂ ਘਟਨਾਵਾਂ ਬਾਰੇ ਲਿਖਦਾ ਹੁੰਦਾ ਸੀ ਕਿ ਯਹੋਵਾਹ ਉਸ ਦੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਕਰਵਾਉਣ।

9. ਤਦ ਉਹ ਹਿਲਕੀਯਾਹ ਪ੍ਰਧਾਨ ਜਾਜਕ ਕੋਲ ਗਏ। ਉਨ੍ਹਾਂ ਨੇ ਉਸ ਨੂੰ ਉਹ ਦੌਲਤ ਦਿੱਤੀ ਜਿਹੜੀ ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਦਿੱਤੀ ਸੀ। ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫ਼ਰਾਈਮ ਦੇ ਹੱਥੋਂ ਅਤੇ ਬਾਕੀ ਦੇ ਬਚੇ ਹੋਏ ਇਸਰਾਏਲੀਆਂ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ, ਉਸ ਨੂੰ ਦੇ ਦਿੱਤੀ।

10. ਤਦ ਲੇਵੀਆਂ ਨੇ ਉਨ੍ਹਾਂ ਕਰਿੰਦਿਆਂ ਨੂੰ ਮਾਲ ਅਤੇ ਧੰਨ ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਦੇਖ-ਰੇਖ ਕਰ ਰਹੇ ਸਨ। ਅਤੇ ਦੇਖ-ਰੇਖ ਕਰਨ ਵਾਲਿਆਂ ਨੇ ਉਨ੍ਹਾਂ ਕਰੰਦਿਆਂ ਨੂੰ ਧਨ-ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਸਨ।

11. ਇਸ ਤੋਂ ਇਲਾਵਾ, ਤਰਖਾਣਾਂ ਅਤੇ ਰਾਜਾਂ ਨੂੰ ਧੰਨ ਦਿੱਤਾ ਗਿਆ ਤਾਂ ਜੋ ਉਹ ਪੱਥਰ ਅਤੇ ਲੱਕੜ ਖਰੀਦ ਸੱਕਣ, ਜਿਹੜੀ ਕਿ ਇਮਾਰਤ ਨੂੰ ਫਿਰ ਤੋਂ ਬਨਾਉਣ ਲਈ ਲੋੜੀਂਦੀ ਸੀ। ਉਨ੍ਹਾਂ ਨੂੰ ਮੰਦਰ ਦੇ ਉਨ੍ਹਾਂ ਘਰਾਂ ਲਈ ਵੀ ਰਕਮ ਦਿੱਤੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਨ੍ਹਾਂ ਦੀ ਅਣਗਿਹਲੀ ਕਾਰਣ ਢਹਿ ਲੈਣ ਦਿੱਤਾ ਸੀ। ਉਨ੍ਹਾਂ ਨੂੰ ਇਨ੍ਹਾਂ ਘਰਾਂ ਲਈ ਸ਼ਤੀਰਾਂ ਬਨਾਉਣ ਲਈ ਕਿਹਾ ਗਿਆ ਸੀ। ਮਰਾਰੀ ਦੇ ਘਰਾਣੇ ਵਿੱਚੋਂ ਯਹਤ ਅਤੇ ਓਬਦਯਾਹ ਨੇ ਅਤੇ ਕੋਹਾਥੀਆਂ ਦੇ ਘਰਾਣੇ ਵਿੱਚੋਂ ਜ਼ਕਰਯਾਹ ਅਤੇ ਮਸ਼ੁੱਲਮ ਨੇ ਲੇਵੀਆਂ ਅਤੇ ਉਨ੍ਹਾਂ ਸਾਰਿਆਂ ਦੀ ਨਿਗਰਾਨੀ ਕੀਤੀ ਜਿਹੜੇ ਸੰਗੀਤਕ ਸਾਜਾਂ ਦੇ ਮਾਹਰ ਸਨ।

13. ਲੇਵੀ ਮਜਦੂਰਾਂ ਦੇ ਇੰਚਾਰਜ ਸਨ ਅਤੇ ਸਾਰੇ ਕਾਮਿਆਂ ਦੀ ਉਨ੍ਹਾਂ ਦੇ ਵੱਖੋ-ਵੱਖ ਕੰਮਾਂ ਵਿੱਚ ਅਗਵਾਈ ਕੀਤੀ। ਕੁਝ ਲੇਵੀਆਂ ਨੇ ਮੁਨਸ਼ੀਆਂ, ਅਫ਼ਸਰਾਂ ਅਤੇ ਦਰਬਾਨਾਂ ਆਦਿ ਦਾ ਕਾਰਜ ਵੀ ਸੰਭਾਲਿਆ।

14. ਬਿਵਸਥਾ ਦੀ ਪੋਥੀ ਦਾ ਲੱਭਣਾ ਜਦ ਉਹ ਦੌਲਤ ਜੋ, ਯਹੋਵਾਹ ਦੇ ਮੰਦਰ ਵਿੱਚ ਲਿਆਂਦੀ ਗਈ ਸੀ, ਬਾਹਰ ਕੱਢ ਰਹੇ ਸਨ ਤਦ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਕਿ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਲੱਭੀ।

15. ਤਦ ਹਿਲਕੀਯਾਹ ਨੇ ਸ਼ਾਫ਼ਾਨ ਮੁਨਸ਼ੀ ਨੂੰ ਆਖਿਆ, “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦੇ ਦਿੱਤੀ।

16. ਸ਼ਾਫ਼ਾਨ ਇਹ ਪੋਥੀ ਪਾਤਸ਼ਾਹ ਯੋਸੀਯਾਹ ਕੋਲ ਲੈ ਕੇ ਆਇਆ ਅਤੇ ਉਸ ਨੇ ਪਾਤਸ਼ਾਹ ਨੂੰ ਕਿਹਾ, “ਤੁਹਾਡੇ ਸੇਵਕ ਜਿਵੇਂ ਜੋ ਜੋ ਤੁਸੀਂ ਹੁਕਮ ਦਿੱਤਾ ਸੀ ਤਿਵੇਂ ਕਰ ਰਹੇ ਹਨ।

17. ਉਹ ਦੌਲਤ ਜਿਹੜੀ ਯਹੋਵਾਹ ਦੇ ਮੰਦਰ ਵਿੱਚੋਂ ਮਿਲੀ ਉਸ ਨੂੰ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕਰਿੰਦਿਆਂ ਨੂੰ ਦੇ ਦਿੱਤੀ।”

18. ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਕਿਹਾ, “ਹਿਲਕੀਯਾਹ ਜਾਜਕ ਨੇ ਮੈਨੂੰ ਪੋਥੀ ਸੌਂਪੀ ਹੈ।” ਤਦ ਸ਼ਾਫ਼ਾਨ ਨੇ ਉਹ ਪੋਥੀ ਯੋਸੀਯਾਹ ਪਾਤਸ਼ਾਹ ਦੇ ਸਾਹਮਣੇ ਖੜ੍ਹ ਕੇ ਪੜ੍ਹ ਕੇ ਸੁਣਾਈ।

19. ਜਦੋਂ ਯੋਸੀਯਾਹ ਪਾਤਸ਼ਾਹ ਨੇ ਬਿਵਸਥਾ ਦੇ ਵਾਕ ਸੁਣੇ ਤਾਂ ਉਸ ਨੇ ਆਪਣੇ ਵਸਤਰ ਫ਼ਾੜ ਲਏ।

20. ਤਾਂ ਪਾਤਸ਼ਾਹ ਨੇ ਹਿਲਕੀਯਾਹ ਨੂੰ, ਸ਼ਾਫ਼ਾਨ ਦੇ ਪੁੱਤਰ ਅਹੀਕਾਮ ਮੀਕਹ ਦੇ ਪੁੱਤਰ ਅਬਦੋਨ, ਸ਼ਾਫ਼ਾਨ ਮੁਨਸ਼ੀ ਨੂੰ ਅਤੇ ਅਸਾਯਾਹ ਸੇਵਕ ਨੂੰ ਹੁਕਮ ਦਿੱਤਾ।

21. ਪਾਤਸ਼ਾਹ ਨੇ ਆਖਿਆ, “ਜਾਓ ਅਤੇ ਮੇਰੇ ਵੱਲੋਂ ਅਤੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ, ਇਸ ਪੋਥੀ ਦੀਆਂ ਗੱਲਾਂ ਦੇ ਬਾਰੇ, ਜੋ ਲੱਭੀ ਹੈ, ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਕਿ ਯਹੋਵਾਹ ਦੀ ਭਾਰੀ ਕਰੋਪੀ ਸਾਡੇ ਉੱਪਰ ਹੋਈ ਹੈ ਕਿਉਂ ਜੋ ਸਾਡੇ ਵੱਡੇਰਿਆਂ ਨੇ ਯਹੋਵਾਹ ਦੇ ਬਚਨਾਂ ਦਾ ਪਾਲਨ ਨਹੀਂ ਕੀਤਾ। ਸਾਡੇ ਪੁਰਖਿਆਂ ਨੇ, ਜਿਵੇਂ ਇਸ ਪੋਥੀ ਵਿੱਚ ਹੁਕਮ ਸੀ ਕਰਨ ਦਾ ਉਵੇਂ ਨਹੀਂ ਕੀਤਾ।”

22. ਤਾਂ ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਹੁਲਦਾਹ ਨਬੀਆਂ ਕੋਲ ਗਏ। ਹੁਲਦਾਹ ਸ਼ੱਲੁਮ ਦੀ ਪਤਨੀ ਸੀ ਜੋ ਕਿ ਤਾਕਹਥ ਦਾ ਪੁੱਤਰ ਸੀ। ਤਾਕਹਥ ਹਸਰਾਹ ਦਾ ਪੁੱਤਰ ਸੀ। ਹਸਰਾਹ ਪਾਤਸ਼ਾਹ ਦੇ ਤੋਸ਼ੇ ਖਾਨੇ ਦਾ ਰੱਖਵਾਲਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਮੁਹੱਲੇ ਵਿੱਚ ਰਹਿੰਦੀ ਸੀ। ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਹੁਲਦਾਹ ਨੂੰ ਜਾਕੇ ਸੁਣਾਈ।

23. ਹੁਲਦਾਹ ਨੇ ਉਨ੍ਹਾਂ ਨੂੰ ਕਿਹਾ, “ਯੋਸੀਯਾਹ ਪਾਤਸ਼ਾਹ ਨੂੰ ਜਾਕੇ ਕਹਿਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ:

24. ‘ਮੈਂ ਇਸ ਥਾਂ ਅਤੇ ਇੱਥੋਂ ਦੇ ਵਾਸੀਆਂ ਉੱਪਰ ਕਰੋਪੀ ਲਿਆਉਣ ਵਾਲਾ ਹਾਂ। ਜੋ ਕੁਝ ਵੀ ਪਾਤਸ਼ਾਹ ਦੇ ਸਾਹਮਣੇ ਗੱਲਾਂ ਪੜ੍ਹਕੇ ਸੁਣਾਈਆਂ ਗਈਆਂ ਹਨ, ਜੋ ਇਸ ਪੋਥੀ ਵਿੱਚ ਲਿਖੀਆਂ ਹਨ, ਇਹ ਸਭ ਕੁਝ ਇੱਥੇ ਵਾਪਰੇਗਾ।

25. ਅਜਿਹਾ ਇਸ ਲਈ ਹੋਵੇਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਸਭ ਬੁਰਿਆਈਆਂ ਕਰਕੇ ਮੈਨੂੰ ਕਰੋਧ ਚੜ੍ਹਾਇਆ ਹੈ, ਇਸ ਲਈ ਇਸ ਥਾਵੇਂ ਮੈਂ ਆਪਣੀ ਕਰੋਪੀ ਵਰਸਾਵਾਂਗਾ ਜੋ ਕਿ ਬਲਦੀ ਅੱਗ ਵਾਂਗ ਹੁਣ ਬੁਝਣ ਵਾਲਾ ਨਹੀਂ।’

26. “ਪਰ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਜਾ ਕੇ ‘ਇਉਂ ਆਖਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਫ਼ਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਬਾਰੇ ਜੋ ਤੂੰ ਸੁਣੀਆਂ ਹਨ:

27. ਯੋਸੀਯਾਹ ਤੂੰ ਪਰਾਸਚਿਤ ਕਰਕੇ ਆਪਣੇ-ਆਪ ਨੂੰ ਨਿਮ੍ਰ ਬਣਾਇਆ ਅਤੇ ਆਪਣੇ ਵਸਤਰ ਵੀ ਪਾੜ ਲਏ ਲਏ ਆਪਣੀ ਸ਼ਰਮਸਾਰੀ ਕਾਰਣ ਤੂੰ ਮੇਰੇ ਅੱਗੇ ਮਿੰਨਤ ਅਤੇ ਬੇਨਤੀ ਕੀਤੀ। ਤੂੰ ਮੇਰੇ ਅੱਗੇ ਰੋਇਆ ਅਤੇ ਮੈਂ ਤੇਰੇ ਸ਼ਬਦਾਂ ਨੂੰ ਵੀ ਸੁਣਿਆ ਹੈ, ਯਹੋਵਾਹ ਆਖਦਾ ਹੈ।

28. ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।

29. ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ।

ਜੋਸੀਯਾਹ ਨੇ ਸੱਚੀ ਉਪਾਸਨਾ ਨੂੰ ਬਹਾਲ ਕੀਤਾ

30. ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।

31. ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ।

32. ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ।

33. ਇਸਰਾਏਲ ਦੇ ਲੋਕਾਂ ਨੇ ਜੋ ਵੱਖ-ਵੱਖ ਧਰਤੀਆਂ ਦੇ ਦੇਵਤਿਆਂ ਦੀਆਂ ਮੂਰਤਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਯੋਸੀਯਾਹ ਨੇ ਉਨ੍ਹਾਂ ਸਭਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿੱਚ ਲਾ ਦਿੱਤਾ। ਫ਼ਿਰ ਜਦੋਂ ਤੀਕ ਯੋਸੀਯਾਹ ਜਿੰਦਾ ਰਿਹਾ, ਲੋਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੇ।

Bibles

Books

Chapters